ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਅਰਨੀਵਾਲਾ ਨੂੰ ਸੌਗਾਤ, ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੀਵਰੇਜ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ

Dec 17, 2024 - 22:05
 0
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਅਰਨੀਵਾਲਾ ਨੂੰ ਸੌਗਾਤ, ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੀਵਰੇਜ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ
Join Our Channels
Join Our WhatsApp Channel Click Here
Follow Us on Google News Click Here
Follow Us on Daily Hunt Click Here

ਕਿਹਾ, ਅਰਨੀਵਾਲਾ ਲਈ ਪੰਜਾਬ ਸਰਕਾਰ ਨੇ ਦੋ ਸਾਲਾਂ ਵਿੱਚ 65 ਕਰੋੜ ਰੁਪਏ ਦੇ ਪ੍ਰੋਜੈਕਟ ਦਿੱਤੇ
 

ਮੰਡੀ ਅਰਨੀਵਾਲਾ/ਜਲਾਲਾਬਾਦ/ ਫਾਜ਼ਿਲਕਾ,  17 ਦਸੰਬਰ :  ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੰਡੀ ਅਰਨੀਵਾਲਾ ਨੂੰ ਅੱਜ ਇੱਕ ਵੱਡੀ ਸੌਗਾਤ ਦਿੱਤੀ ਗਈ ਅਤੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਇਸ ਨਗਰ ਪੰਚਾਇਤ ਵਿੱਚ ਸੀਵਰੇਜ ਪਾਉਣ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਹਨਾਂ ਦੇ ਨਾਲ ਹਲਕੇ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਤੋਂ ਇਲਾਵਾ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ, ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਪੰਜਾਬ ਐਗਰੋ ਦੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ ਅਤੇ ਪੰਜਾਬ ਸੀਵਰੇਜ ਬੋਰਡ ਦੇ ਚੇਅਰਮੈਨ ਸੰਨੀ ਆਹਲੂਵਾਲੀਆ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਆਖਿਆ ਕਿ ਮੰਡੀ ਅਰਨੀਵਾਲਾ ਲਈ ਪੰਜਾਬ ਸਰਕਾਰ ਪਿਛਲੇ ਲਗਭਗ ਦੋ ਸਾਲ ਵਿੱਚ 65 ਕਰੋੜ ਰੁਪਏ ਤੋਂ ਜਿਆਦਾ ਦੀਆਂ ਗਰਾਂਟਾਂ ਵੱਖ-ਵੱਖ ਵਿਕਾਸ ਕਾਰਜਾਂ ਲਈ ਦੇ ਚੁੱਕੀ ਹੈ। ਉਹਨਾਂ ਨੇ ਹਲਕੇ ਦੇ ਮਿਹਨਤੀ ਅਤੇ ਲੋਕਾਂ ਲਈ ਕੰਮ ਕਰਨ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੀ ਸਲਾਘਾ ਕਰਦਿਆਂ ਕਿਹਾ ਕਿ ਉਹ ਲਗਾਤਾਰ ਲੋਕਾਂ ਦੇ ਕੰਮ ਕਰਵਾਉਂਦੇ ਰਹਿੰਦੇ ਹਨ। ਕੈਬਨਿਟ ਮੰਤਰੀ ਨੇ ਆਖਿਆ ਕਿ ਪਿਛਲੀਆਂ ਸਰਕਾਰਾਂ ਕੇਵਲ ਨੀਂਹ ਪੱਥਰ ਰੱਖਦੀਆਂ ਸਨ ਜਦ ਕਿ ਇਹ ਸਰਕਾਰ ਵਿਕਾਸ ਕਾਰਜ ਨੂੰ ਹਕੀਕੀ ਰੂਪ ਵਿੱਚ ਕਰਵਾਉਂਦੀ ਹੈ। ਉਹਨਾਂ ਨੇ ਕਿਹਾ ਕਿ ਵਿਕਾਸ ਲਈ ਫੰਡ ਦੀ ਕੋਈ ਘਾਟ ਨਹੀਂ ਆਵੇਗੀ।

ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਹਲਕੇ ਵਿੱਚ ਦੋ ਸਕੂਲ ਆਫ ਐਮੀਨੈਂਸ ਸਥਾਪਿਤ ਕੀਤੇ ਗਏ ਹਨ ਜਦਕਿ ਨਵੀਂ ਨਾਣਾ ਮੰਡੀ ਵੀ ਇੱਥੇ ਬਣਾਈ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਆਪਣੇ ਗਠਨ ਦੇ ਪਹਿਲੇ ਦਿਨ ਤੋਂ ਕੰਮ ਕਰ ਰਹੀ ਹੈ ਜਦਕਿ ਪਿਛਲੀਆਂ ਸਰਕਾਰਾਂ ਆਪਣੇ ਆਖਰੀ ਛੇ ਮਹੀਨੇ ਵਿੱਚ ਲੋਕਾਂ ਵਿੱਚ ਪਹੁੰਚ ਕਰਿਆ ਕਰਦੀਆਂ ਸਨ।

ਇਸ ਤੋਂ ਪਹਿਲਾਂ ਬੋਲਦਿਆਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਨੇ ਦੱਸਿਆ ਕਿ ਇਸ ਸੀਵਰੇਜ ਪਾਉਣ ਦੇ ਪ੍ਰੋਜੈਕਟ ਤੇ 13.16 ਕਰੋੜ ਰੁਪਏ ਦਾ ਖਰਚ ਆਵੇਗਾ ਹਾਲਾਂਕਿ ਇਹ ਕੁੱਲ ਪ੍ਰੋਜੈਕਟ 29.27 ਕਰੋੜ ਰੁਪਏ ਦਾ ਹੈ ਜਿਸ ਵਿੱਚ ਇਸ ਦੇ ਨਾਲ ਹੋਰ ਕੰਮ ਵੀ ਹੋਣੇ ਹਨ। ਇਸੇ ਤਰ੍ਹਾਂ 14.15 ਕਰੋੜ ਰੁਪਏ ਨਾਲ ਮੰਡੀ ਅਰਨੀਵਾਲਾ ਵਿੱਚ ਪੀਣ ਦੇ ਪਾਣੀ ਦੀਆਂ ਪਾਈਪਾਂ ਵਿਛਾਈਆਂ ਜਾਣਗੀਆਂ। ਸੀਵਰੇਜ ਅਤੇ ਪੀਣ ਦੀਆਂ ਪਾਣੀ ਦੀਆਂ ਪਾਈਪਾਂ ਵਿਛਾਉਣ ਦਾ ਕੰਮ ਨਾਲੋਂ ਨਾਲ ਹੋਵੇਗਾ। ਇਸੇ ਤਰ੍ਹਾਂ 7.55 ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਵਰਕਸ ਬਣਾਇਆ ਜਾ ਚੁੱਕਾ ਹੈ ਅਤੇ 21.39 ਕਰੋੜ ਰੁਪਏ ਦੀ ਲਾਗਤ ਨਾਲ ਐਸਟੀਪੀ ਬਣਾਉਣ ਦੀ ਵੀ ਮਨਜ਼ੂਰੀ ਮਿਲ ਚੁੱਕੀ ਹੈ। ਇਸ ਤੋਂ ਬਿਨਾਂ 5.5 ਕਰੋੜ ਰੁਪਏ ਨਾਲ ਛੱਪੜ ਤੋਂ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਪਾਈ ਜਾ ਚੁੱਕੀ ਹੈ।

ਇਸ ਤੋਂ ਪਹਿਲਾਂ ਪੰਜਾਬ ਸੀਵਰੇਜ ਬੋਰਡ ਦੇ ਚੇਅਰਮੈਨ ਸੰਨੀ ਆਹਲੂਵਾਲੀਆ ਅਤੇ ਪੰਜਾਬ ਐਗਰੋ ਦੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਇੱਥੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਐਸਐਸਪੀ ਵਰਿੰਦਰ ਸਿੰਘ ਬਰਾੜ, ਐਸਡੀਐਮ ਕੰਵਰਜੀਤ ਸਿੰਘ ਮਾਨ, ਸ਼੍ਰੀ ਸੰਦੀਪ ਗਿਲਹੋਤਰਾ, ਮਾਰਕੀਟ ਕਮੇਟੀ ਜਲਾਲਾਬਾਦ ਦੇ ਚੇਅਰਮੈਨ ਦੇਵਰਾਜ ਸ਼ਰਮਾ ਅਤੇ ਅਰਨੀਵਾਲਾ ਦੇ ਚੇਅਰਮੈਨ ਕੁਲਦੀਪ ਸੰਧੂ, ਕੇਵਲ ਕੰਬੋਜ, ਬਾਬਾ ਮੋਹਨ ਸਿੰਘ ਸਮੇਤ ਵੱਖ-ਵੱਖ ਆਗੂ ਤੇ ਪਤਵੰਤੇ ਹਾਜਰ ਸਨ।

ਇਸ ਮੌਕੇ ਵਿਭਾਗ ਦੇ ਚੀਫ ਇੰਜਨੀਅਰ ਸ੍ਰੀ ਸੰਦੀਪ ਸਿੰਘ ਰੋਮਾਣਾ, ਨਿਗਰਾਨ ਇੰਜਨੀਅਰ ਸ੍ਰੀ ਸਰਬਜੀਤ ਸਿੰਘ, ਕਾਰਜਕਾਰੀ ਇੰਜਨੀਅਰ ਪ੍ਰਿਤਪਾਲ ਸਿੰਘ, ਐਸਡੀਓ ਲਖਪੱਤ ਰਾਏ ਸਚਦੇਵਾ, ਲਖਵਿੰਦਰ ਸਿੰਘ ਭੁੱਲਰ, ਰਜਤ ਸਿਡਾਨਾ, ਤੇ ਸਾਹਿਲ ਵੀ ਹਾਜਰ ਸਨ।

What's Your Reaction?

like

dislike

love

funny

angry

sad

wow