ਖੁਸ਼ੀ ਫਾਊਂਡੇਸ਼ਨ ਵੱਲੋਂ ਮੁਹਾਰ ਸੋਨਾ ਵਿੱਚ ਸਰਹੱਦੀ ਪਿੰਡਾਂ ਲਈ ਮੈਗਾ ਮੈਡੀਕਲ ਕੈਂਪ ਆਯੋਜਿਤ
ਫਾਜ਼ਿਲਕਾ 30 ਨਵੰਬਰ : ਖੁਸ਼ੀ ਫਾਊਂਡੇਸ਼ਨ ਵੱਲੋਂ ਸਿਹਤ ਵਿਭਾਗ ਫਾਜ਼ਿਲਕਾ ਦੇ ਸਹਿਯੋਗ ਨਾਲ ਪਿੰਡ ਮੁਹਾਰ ਸੋਨਾ ਵਿੱਚ ਇੱਕ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ। ਇਹ ਕੈਂਪ ਵਿਸ਼ੇਸ਼ ਤੌਰ ਤੇ ਸਰਹੱਦੀ ਪਿੰਡਾਂ ਦੇ ਲੋਕਾਂ ਲਈ ਲਗਾਇਆ ਗਿਆ ਸੀ। ਇਸ ਮੌਕੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅਤੇ ਉਨ੍ਹਾਂ ਦੀ ਧਰਮ ਪਤਨੀ ਖੁਸ਼ਬੂ ਸਾਵਨ ਸੁੱਖਾ ਸਵਨਾ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ।
ਇਸ ਮੌਕੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਆਖਿਆ ਕਿ ਇਸ ਕੈਂਪ ਦਾ ਉਦੇਸ਼ ਸਰਹੱਦੀ ਪਿੰਡਾਂ ਦੇ ਲੋਕਾਂ ਤੱਕ ਮੈਡੀਕਲ ਸਹੂਲਤਾਂ ਪੁੱਜਦੀਆਂ ਕਰਨਾ ਹੈ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਖੇਤਰ ਤੇ ਵਿਸ਼ੇਸ਼ ਤਵੱਜੋ ਦੇ ਰਹੀ ਹੈ ਅਤੇ ਇਸ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।
ਮੈਡਮ ਖੁਸ਼ਬੂ ਸਾਵਣ ਸੁੱਖਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਹੱਡੀਆਂ ਦੇ ਰੋਗਾਂ ਦੇ ਮਾਹਰ, ਅੱਖਾਂ ਦੇ ਰੋਗਾਂ ਦੇ ਮਾਹਿਰ, ਸਰਜਨ, ਛਾਤੀ ਰੋਗਾਂ ਦੇ ਮਾਹਿਰ ਬੱਚਿਆਂ ਅਤੇ ਔਰਤਾਂ ਦੇ ਮਾਹਿਰ ਡਾਕਟਰਾਂ ਨੇ ਲੋਕਾਂ ਦਾ ਚੈੱਕ ਅਪ ਕੀਤਾ।
ਇਸ ਮੌਕੇ ਵੱਖ-ਵੱਖ ਤਰਹਾਂ ਦੇ ਟੈਸਟ ਵੀ ਮੌਕੇ ਤੇ ਕੀਤੇ ਗਏ ਅਤੇ ਦਵਾਈਆਂ ਵੀ ਦਿੱਤੀਆਂ ਗਈਆਂ ।
ਐਸਐਮਓ ਰੋਹਿਤ ਗੋਇਲ ਨੇ ਦੱਸਿਆ ਕਿ ਕੈਂਪ ਦੌਰਾਨ ਆਯੂਸ਼ਮਾਨ ਕਾਰਡ ਬਣਾਉਣ ਸਬੰਧੀ ਕੈਂਪ ਵੀ ਲਾਇਆ ਗਿਆ ਅਤੇ ਨਾਲ ਦੀ ਨਾਲ 1 ਦਸੰਬਰ ਨੂੰ ਵਿਸ਼ਵ ਏਡਜ ਦਿਵਸ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਨੁੱਕੜ ਨਾਟਕ ਵੀ ਕਰਵਾਇਆ ਗਿਆ। ਉਨਾਂ ਨੇ ਕਿਹਾ ਕਿ ਇਸ ਵਿੱਚ ਸੰਪੂਰਨ ਸੁਰੱਖਿਆ ਕੇਂਦਰ ਦਾ ਵੀ ਸਹਿਯੋਗ ਲਿਆ ਗਿਆ । ਇਸ ਮੌਕੇ ਡਾ ਰੋਹਿਤ ਗੋਇਲ ਤੋਂ ਇਲਾਵਾ ਡਾ ਹਰਪ੍ਰੀਤ ਗੁਪਤਾ, ਡਾ ਨਿਸ਼ਾਂਤ ਸੇਤੀਆ ਡਾ ਰਿੰਕੂ ਚਾਵਲਾ, ਡਾਕਟਰ ਵਿਨੂ ਦਾਬੜਾ ਆਦਿ ਨੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ। ਲੋਕਾਂ ਨੇ ਵੱਡੇ ਪੱਧਰ ਤੇ ਇਸ ਕੈਂਪ ਵਿੱਚ ਪਹੁੰਚ ਕੇ ਇਸ ਦਾ ਲਾਹਾ ਲਿਆ।
ਇਸ ਮੌਕੇ ਪਿੰਡ ਦੇ ਸਰਪੰਚ ਗੁਰਚਰਨ ਸਿੰਘ ਤੋਂ ਇਲਾਵਾ ਮੁਹਾਰ ਖਿਵਾ ਦੇ ਸਰਪੰਚ ਸਵਰਨ ਸਿੰਘ, ਮੁਹਾਰ ਜਮਸ਼ੇਰ ਦੇ ਸਰਪੰਚ ਪਰਮਜੀਤ ਕੌਰ, ਮੁਹਾਰ ਖੀਵਾ ਭਵਾਨੀ ਦੇ ਸਰਪੰਚ ਦੇਸ਼ ਸਿੰਘ ਵੀ ਹਾਜ਼ਰ ਸਨ। ਇੱਥੇ ਮੈਡੀਕਲ ਚੈੱਕ ਅਪ ਲਈ ਪਹੁੰਚੇ ਲੋਕਾਂ ਨੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅਤੇ ਉਨਾਂ ਦੀ ਧਰਮ ਪਤਨੀ ਖੁਸ਼ਬੂ ਸਾਵਨ ਸੁੱਖਾ ਸਵਨਾ ਦਾ ਵਿਸ਼ੇਸ਼ ਤੌਰ ਤੇ ਇਹ ਕੈਂਪ ਲਗਾਉਣ ਲਈ ਧੰਨਵਾਦ ਕੀਤਾ।
What's Your Reaction?