ਆਮ ਆਦਮੀ ਪਾਰਟੀ ਦਾ ਮੇਅਰ ਬਣਾਓ, ਅਸੀਂ ਪਟਿਆਲਾ ਦੀ ਸੁੰਦਰਤਾ ਨੂੰ ਮੁੜ ਬਹਾਲ ਕਰਾਂਗੇ-ਭਗਵੰਤ ਮਾਨ

Dec 19, 2024 - 22:45
 0
ਆਮ ਆਦਮੀ ਪਾਰਟੀ ਦਾ ਮੇਅਰ ਬਣਾਓ, ਅਸੀਂ ਪਟਿਆਲਾ ਦੀ ਸੁੰਦਰਤਾ ਨੂੰ ਮੁੜ ਬਹਾਲ ਕਰਾਂਗੇ-ਭਗਵੰਤ ਮਾਨ
Join Our Channels
Join Our WhatsApp Channel Click Here
Follow Us on Google News Click Here
Follow Us on Daily Hunt Click Here

ਜੇਕਰ ਸੂਬਾ ਸਰਕਾਰ ਅਤੇ ਨਗਰ ਨਿਗਮ ਇੱਕੋ ਪਾਰਟੀ ਦੇ ਹੋਣਗੇ ਤਾਂ ਕੋਈ ਸਿਆਸੀ ਰੁਕਾਵਟ ਨਹੀਂ ਆਵੇਗੀ, ਫੇਰ ਸ਼ਹਿਰ ਦਾ ਵਿਕਾਸ ਹੋਵੇਗਾ ਤੇਜ਼ ਰਫ਼ਤਾਰ ਨਾਲ -ਮਾਨ

ਕੈਪਟਨ ਅਮਰਿੰਦਰ ਸਿੰਘ 'ਤੇ ਕੀਤਾ ਤਿੱਖਾ ਹਮਲਾ, ਕਿਹਾ-ਉਨ੍ਹਾਂ ਦਾ ਪਰਿਵਾਰ ਕਦੇ ਵੀ ਪੰਜਾਬ ਦੇ ਨਾਲ ਨਹੀਂ ਖੜ੍ਹਿਆ, ਇਹ ਲੋਕ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਗਲ ਅਤੇ ਵਿਗੜੇ ਹੋਏ ਬੱਚੇ ਕਹਿੰਦੇ ਸਨ

ਮੁੱਖ ਮੰਤਰੀ ਮਾਨ ਨੇ ਪਟਿਆਲਾ ਵਿੱਚ 'ਆਪ' ਉਮੀਦਵਾਰਾਂ ਲਈ ਕੀਤਾ ਪ੍ਰਚਾਰ, ਲੋਕਾਂ ਨੂੰ ਸਮਰਥਨ ਦੇਣ ਦੀ ਕੀਤੀ ਅਪੀਲ

ਪਟਿਆਲਾ, 19 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਪਟਿਆਲਾ ਵਿੱਚ ਨਗਰ ਨਿਗਮ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।  ਉਨ੍ਹਾਂ ਇੱਥੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਇੱਕ ਵੱਡਾ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ‘ਆਪ’ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਸਮਰਥਨ ਦੇਣ ਦੀ ਅਪੀਲ ਕੀਤੀ।

ਇਸ ਰੋਡ ਸ਼ੋਅ ਵਿੱਚ ਮਾਨ ਦੇ ਨਾਲ 'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ, ਕੈਬਨਿਟ ਮੰਤਰੀ ਬਰਿੰਦਰ ਗੋਇਲ ਅਤੇ ਡਾ. ਬਲਬੀਰ ਸਿੰਘ ਤੋਂ ਇਲਾਵਾ ਪਾਰਟੀ ਦੇ ਕਈ ਵਿਧਾਇਕ, ਆਗੂ ਅਤੇ ਅਹੁਦੇਦਾਰ ਹਾਜ਼ਰ ਸਨ।

ਮੁੱਖ ਮੰਤਰੀ ਮਾਨ ਨੇ ਪਟਿਆਲਾ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿ ਮੇਰਾ ਪਟਿਆਲਾ ਨਾਲ ਬਹੁਤ ਪੁਰਾਣਾ ਸਬੰਧ ਹੈ। 1997 ਤੋਂ 2003 ਤੱਕ ਮੈਂ ਪਟਿਆਲਾ ਹੀ ਰਹਿੰਦਾ ਸੀ। ਮੈਂ ਇੱਥੋਂ ਦੇ ਕੋਨੇ-ਕੋਨੇ ਤੋਂ ਜਾਣੂ ਹਾਂ। ਮੇਰਾ ਪਿੰਡ ਵੀ ਇੱਥੋਂ ਦੂਰ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਵੀ ਤੁਸੀਂ ਸਾਨੂੰ ਇਤਿਹਾਸਕ ਸਮਰਥਨ ਦਿੱਤਾ ਸੀ। ਆਮ ਆਦਮੀ ਪਾਰਟੀ ਨੂੰ ਪਟਿਆਲਾ ਦੀਆਂ ਸਾਰੀਆਂ 9 ਸੀਟਾਂ 'ਤੇ ਜਿਤਾਇਆ ਅਤੇ ਭਾਰੀ ਬਹੁਮਤ ਨਾਲ ਸਾਡੀ ਸਰਕਾਰ ਬਣਾਈ। ਮੈਨੂੰ ਪੂਰਾ ਭਰੋਸਾ ਹੈ ਕਿ ਇਸ ਵਾਰ ਵੀ ਤੁਸੀਂ ਆਮ ਆਦਮੀ ਪਾਰਟੀ ਦਾ ਇਸੇ ਤਰ੍ਹਾਂ ਸਮਰਥਨ ਕਰੋਗੇ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪਟਿਆਲਾ ਦੀ ਪੁਰਾਣੀ ਸੁੰਦਰਤਾ ਨੂੰ ਮੁੜ ਬਹਾਲ ਕਰਾਂਗੇ। ਪਟਿਆਲਾ ਵੈਸੇ ਵੀ ਪੰਜਾਬ ਦਾ ਮਸ਼ਹੂਰ ਸ਼ਹਿਰ ਹੈ। ਅਸੀਂ ਇਸ ਦਾ ਨਾਂ ਹੋਰ ਉੱਚਾ ਕਰਾਂਗੇ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅਸੀਂ 15 ਜਨਵਰੀ ਦੇ ਆਸਪਾਸ ਕਿਲ੍ਹਾ ਮੁਬਾਰਕ ਵਿੱਚ ਇੱਕ ਹੋਟਲ ਦਾ ਉਦਘਾਟਨ ਕਰਨ ਜਾ ਰਹੇ ਹਾਂ। ਇਸ ਦਾ ਨਾਂ 'ਰਣਵਾਸ' ਹੈ। ਇਹ ਭਾਰਤ ਦਾ ਪਹਿਲਾ ਬੁਟੀਕ ਹੋਟਲ ਹੋਵੇਗਾ। ਇਸ ਨਾਲ ਪਟਿਆਲਾ ਪੂਰੀ ਦੁਨੀਆ ਵਿੱਚ ਮਸ਼ਹੂਰ ਹੋਵੇਗਾ। ਦੇਸ਼ ਦੇ ਵੱਡੇ ਲੋਕ ਵਿਆਹਾਂ ਜਾਂ ਹੋਰ ਸਮਾਗਮਾਂ ਲਈ ਰਾਜਸਥਾਨ ਦੇ ਜੈਪੁਰ ਅਤੇ ਉਦੇਪੁਰ ਵਰਗੇ ਸ਼ਹਿਰਾਂ ਵਿੱਚ ਜਾਂਦੇ ਹਨ। ਹੁਣ ਪਟਿਆਲੇ ਵੀ ਆਉਣਗੇ।

ਮੁੱਖ ਮੰਤਰੀ ਨੇ ਉਨ੍ਹਾਂ ਦੀ ਸਰਕਾਰ ਵੱਲੋਂ ਪਿਛਲੇ ਢਾਈ ਸਾਲਾਂ ਦੌਰਾਨ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਸ਼ ਦੇ ਯੋਗਤਾ ਦੇ ਆਧਾਰ 'ਤੇ 50,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ।  ਅਸੀਂ ਭ੍ਰਿਸ਼ਟਾਚਾਰ ਨੂੰ ਘਟਾਇਆ ਅਤੇ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ।  ਢਾਈ ਸਾਲਾਂ ਦੌਰਾਨ ਅਸੀਂ ਪੰਜਾਬ ਵਿੱਚ ਕਈ ਥਾਵਾਂ ’ਤੇ ਮੁਹੱਲਾ ਕਲੀਨਿਕ ਖੋਲ੍ਹੇ ਅਤੇ ਸਰਕਾਰੀ ਹਸਪਤਾਲਾਂ ਦੀ ਕਾਇਆ ਕਲਪ ਕੀਤੀ। ਇਸ ਦੇ ਨਾਲ ਹੀ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ 90 ਫ਼ੀਸਦੀ ਘਰਾਂ ਦੇ ਜ਼ੀਰੋ ਬਿਜਲੀ ਦੇ ਬਿਲ ਆ ਰਹੇ ਹਨ। ਕਿਸਾਨਾਂ ਨੂੰ ਬਿਨਾਂ ਕਿਸੇ ਕੱਟ ਦੇ ਦਿਨ ਵੇਲੇ ਖੇਤੀ ਲਈ ਲੋੜੀਂਦੀ ਬਿਜਲੀ ਵੀ ਮਿਲ ਰਹੀ ਹੈ। ਖੇਤਾਂ ਨੂੰ ਨਹਿਰੀ ਪਾਣੀ ਵੀ ਸਪਲਾਈ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਕੰਮ ਇਸ ਲਈ ਸੰਭਵ ਹੋਇਆ ਕਿਉਂਕਿ ਸਾਡੀ ਨੀਅਤ ਸਾਫ਼ ਸੀ।  ਪਿਛਲੀਆਂ ਸਰਕਾਰਾਂ ਵਿੱਚ ਬੈਠੇ ਲੋਕ ਭ੍ਰਿਸ਼ਟ ਸਨ ਜਿਸ ਕਰਕੇ ਕੰਮ ਸਫ਼ਲ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਅਸੀਂ ਰਾਜਨੀਤੀ ਵਿੱਚ ਪੈਸਾ ਕਮਾਉਣ ਅਤੇ ਕਾਰੋਬਾਰ ਵਿੱਚ ਹਿੱਸਾ ਲੈਣ ਲਈ ਨਹੀਂ ਆਏ ਹਾਂ।  ਅਸੀਂ ਤਿੰਨ ਕਰੋੜ ਪੰਜਾਬੀਆਂ ਦੇ ਸੁੱਖ-ਦੁੱਖ ਵਿੱਚ ਸ਼ਰੀਕ ਹੋਣ ਲਈ ਸਿਆਸਤ ਵਿੱਚ ਆਏ ਹਾਂ।

ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤਿੱਖੇ ਹਮਲੇ ਕੀਤੇ।  ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਕਦੇ ਵੀ ਪੰਜਾਬ ਨਾਲ ਨਹੀਂ ਖੜ੍ਹਿਆ। ਉਹ ਮੁਗ਼ਲਾਂ ਦੇ ਸਮੇਂ ਮੁਗ਼ਲਾਂ ਦੇ ਨਾਲ ਸਨ।  ਅੰਗਰੇਜ਼ਾਂ ਦੇ ਰਾਜ ਦੌਰਾਨ ਅੰਗਰੇਜ਼ਾਂ ਨਾਲ।  ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਕੈਪਟਨ ਉਸ ਦੇ ਨਾਲ ਸਨ। ਅਕਾਲੀ ਦਲ ਦੀ ਸਰਕਾਰ ਵਿੱਚ ਵੀ ਰਹੇ। ਇਸ ਸਮੇਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਤਾਂ ਉਸ ਦੇ ਨਾਲ ਹਨ। ਇਸ ਲਈ ਉਨ੍ਹਾਂ ਦਾ ਅਜਿਹਾ ਹਾਲ ਹੋ ਗਿਆ ਹੈ।  ਹੁਣ ਪੰਜਾਬ ਦੀ ਸਿਆਸਤ ਵਿੱਚ ਉਨ੍ਹਾਂ ਦੀ ਪ੍ਰਸੰਗਿਕਤਾ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ। 

ਉਨ੍ਹਾਂ ਕਿਹਾ ਕਿ ਕੈਪਟਨ ਪਰਿਵਾਰ ਇੰਨਕਲਾਬ ਜ਼ਿੰਦਾਬਾਦ ਦੇ ਨਾਅਰੇ ਦਾ ਵਿਰੋਧੀ ਸੀ। ਜਦੋਂ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਇੰਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਸਨ ਤਾਂ ਇੱਥੋਂ ਦੇ ਸ਼ਾਹੀ ਪਰਿਵਾਰ ਨੇ ਅੰਗਰੇਜ਼ਾਂ ਨੂੰ ਕਿਹਾ ਸੀ ਕਿ ਇਹ 10 ਪਾਗਲ ਬੱਚੇ ਹਨ। ਇਨ੍ਹਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ। ਇਹ ਲੋਕ ਭਗਤ ਸਿੰਘ ਵਰਗੇ ਲੋਕਾਂ ਨੂੰ ਵਿਗੜੇ ਹੋਏ ਬੱਚੇ ਕਹਿੰਦੇ ਸਨ।

ਮਾਨ ਨੇ ਪਟਿਆਲਾ ਵਾਸੀਆਂ ਨੂੰ 21 ਦਸੰਬਰ ਨੂੰ ਜਾਤ-ਪਾਤ ਤੋਂ ਉੱਪਰ ਉੱਠ ਕੇ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਅਤੇ ਆਪਣੇ ਸ਼ਹਿਰ ਦੇ ਵਿਕਾਸ ਲਈ ਵੋਟ ਪਾਓ।  ਉਨ੍ਹਾਂ ਕਿਹਾ ਕਿ ਵੋਟਿੰਗ ਮਸ਼ੀਨ ਵਿੱਚ ਝਾੜੂ ਸਿਰਫ਼ ਇੱਕ ਬਟਨ ਨਹੀਂ ਹੈ, ਸਗੋਂ ਇਹ ਆਮ ਲੋਕਾਂ ਦੀ ਆਸ ਅਤੇ ਉਨ੍ਹਾਂ ਦੇ ਬੱਚਿਆਂ ਦੇ ਚੰਗੇ ਭਵਿੱਖ ਦਾ ਪ੍ਰਤੀਕ ਹੈ।

What's Your Reaction?

like

dislike

love

funny

angry

sad

wow